Punjab Fog Update: ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ, ਆਮ ਜੀਵਨ ਬੁਰੀ ਤਰ੍ਹਾਂ ਹੋਇਆ ਪ੍ਰਭਾਵਿਤ
ਪੰਜਾਬ ਵਿੱਚ ਲਗਾਤਾਰ ਪੈ ਰਹੀ ਘਣੀ ਧੁੰਦ ਨੇ ਆਮ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਮੌਸਮ ਵਿਭਾਗ ਵੱਲੋਂ ਅੱਜ ਵੀ ਰਾਜ ਦੇ 11 ਜ਼ਿਲ੍ਹਿਆਂ ਵਿੱਚ ਧੁੰਦ ਨੂੰ ਲੈ ਕੇ ਆਰੰਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਲਾਗੂ ਕੀਤਾ ਗਿਆ ਹੈ। ਸਵੇਰੇ ਦੇ ਸਮੇਂ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਵਿਜ਼ੀਬਿਲਟੀ ਬਹੁਤ ਘੱਟ ਰਹੀ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਕਈ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ ਸ਼ੂਨ੍ਯ ਦਰਜ ਕੀਤੀ ਗਈ ਹੈ। ਧੁੰਦ ਕਾਰਨ ਸੜਕ ਆਵਾਜਾਈ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ ਅਤੇ ਵਾਹਨ ਚਾਲਕਾਂ ਨੂੰ ਦਿਨ ਚੜ੍ਹੇ ਤੱਕ ਹੈੱਡਲਾਈਟਾਂ ਜਲਾ ਕੇ ਚਲਣਾ ਪੈ ਰਿਹਾ ਹੈ। ਕਈ ਥਾਵਾਂ ’ਤੇ ਟ੍ਰੈਫਿਕ ਦੀ ਰਫ਼ਤਾਰ ਬਹੁਤ ਹੌਲੀ ਰਹੀ।
ਹਵਾਈ ਆਵਾਜਾਈ ਵੀ ਧੁੰਦ ਦੀ ਮਾਰ ਹੇਠ ਆਈ ਹੈ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਏਅਰਪੋਰਟ ’ਤੇ ਸਵੇਰੇ ਵਿਜ਼ੀਬਿਲਟੀ 150 ਮੀਟਰ ਦਰਜ ਕੀਤੀ ਗਈ, ਜਦਕਿ ਚੰਡੀਗੜ੍ਹ ਵਿੱਚ ਵਿਜ਼ੀਬਿਲਟੀ ਸ਼ੂਨ੍ਯ ਤੱਕ ਪਹੁੰਚ ਗਈ। ਇਸ ਕਾਰਨ ਕੁਝ ਉਡਾਨਾਂ ਦੇ ਸਮਿਆਂ ਵਿੱਚ ਦੇਰੀ ਹੋਣ ਦੀ ਜਾਣਕਾਰੀ ਮਿਲੀ ਹੈ।
ਮੌਸਮ ਵਿਗਿਆਨ ਕੇਂਦਰ ਨੇ ਰਾਜ ਵਿੱਚ ਧੁੰਦ ਨੂੰ ਲੈ ਕੇ ਅਗਲੇ 72 ਘੰਟਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਲੋੜ ਯਾਤਰਾ ਤੋਂ ਬਚਣ ਅਤੇ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤਣ।
ਇਸ ਦਰਮਿਆਨ ਰਾਹਤ ਵਾਲੀ ਖ਼ਬਰ ਇਹ ਹੈ ਕਿ ਮੌਸਮ ਬਦਲਣ ਦੇ ਸੰਕੇਤ ਮਿਲ ਰਹੇ ਹਨ। ਮੌਸਮ ਵਿਭਾਗ ਅਨੁਸਾਰ 20 ਅਤੇ 21 ਦਸੰਬਰ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਧੁੰਦ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ।


















